ਭਾਰਤ ਦੁਨੀਆ ਦਾ ਸਭ ਤੋਂ ਜਵਾਨ ਦੇਸ਼ ਮੰਨਿਆ ਜਾਂਦਾ ਹੈ, ਜਿੱਥੇ ਲਗਭਗ 65 ਪ੍ਰਤੀਸ਼ਤ ਅਬਾਦੀ 35 ਸਾਲ ਤੋਂ ਘੱਟ ਉਮਰ ਦੀ ਹੈ। ਇਹ ਅੰਕੜੇ ਇੱਕ ਵੱਡੀ ਸੰਭਾਵਨਾ ਦੱਸਦੇ ਹਨ, ਪਰ ਸਵਾਲ ਇਹ ਹੈ ਕਿ ਕੀ ਅੱਜ ਦਾ ਭਾਰਤੀ ਨੌਜਵਾਨ ਆਪਣੇ ਭਵਿੱਖ ਦੀ ਦਿਸ਼ਾ ਸਮਝ ਰਿਹਾ ਹੈ? ਗਲੋਬਲਾਈਜ਼ੇਸ਼ਨ ਅਤੇ ਡਿਜ਼ੀਟਲਾਈਜ਼ੇਸ਼ਨ ਦੇ ਇਸ ਯੁੱਗ ਵਿੱਚ ਇਹੀ ਪੀੜ੍ਹੀ ਭਾਰਤ ਨੂੰ ਤਾਕਤਵਰ ਰਾਸ਼ਟਰ ਬਣਾਉਣ ਦਾ ਸਮਰੱਥਾ ਰੱਖਦੀ ਹੈ, ਪਰ ਸਮਾਜਿਕ ਮਾਹੌਲ, ਮੀਡੀਆ ਦਾ ਪ੍ਰਭਾਵ, ਦਿਖਾਵੇ ਦੀ ਸਭਿਆਚਾਰ ਅਤੇ ਹੁਨਰ ਤੋਂ ਵੱਧ ਬਰੈਂਡ ਦਾ ਮੋਹ ਨੌਜਵਾਨਾਂ ਨੂੰ ਇਕ ਹੋਰ ਪਾਸੇ ਧੱਕ ਰਹੇ ਹਨ।
ਫੈਸ਼ਨ ਤੇ ਦਿਖਾਵੇ ਦੀ ਦੌੜ ਲੱਗੀ ਹੋਈ ਹੈ।
ਅੱਜ ਦੇ ਸਮੇਂ ਵਿੱਚ ਨੌਜਵਾਨਾਂ ਵਿਚ ਫੈਸ਼ਨ, ਮਹਿੰਗੇ ਬ੍ਰੈਂਡ, ਨਵੇਂ ਜੁੱਤੇ, ਕੱਪੜੇ, ਸੈਲਫੀਆਂ ਅਤੇ ਰੀਲਾਂ ਬਣਾਉਣ ਦਾ ਰੁਝਾਨ ਵੱਧ ਰਿਹਾ ਹੈ। ਉਸ ਨੂੰ ਫੈਸ਼ਨ,ਫੋਨ,ਤੇ ਫ਼ੇਮ ਨੇ ਆਪਣੇ ਕਾਬੂ ਵਿੱਚ ਕਰ ਲਿਆ ਹੈ।ਇੱਕ ਮੋਬਾਈਲ ਫੋਨ ਅਪਡੇਟ ਹੁੰਦਾ ਹੈ ਤਾਂ ਨੌਜਵਾਨ ਉਸ ਤੋਂ ਵੱਧ ਮਹਿੰਗਾ ਮਾਡਲ ਖਰੀਦਣ ਦੀ ਦੌੜ ਵਿਚ ਸ਼ਾਮਲ ਹੋ ਜਾਂਦੇ ਹਨ।ਪਿੱਛੇ ਜਿਹੇ ਨਵੇਂ ਲਾਂਚ ਹੋਏ ਆਈਫੋਨ ਨੂੰ ਖਰੀਦਣ ਲਈ ਸਵੇਰੇ ਲਾਈਨ ਲੱਗ ਗਈ।ਬੱਸ ਇਹ ਦਿਖਾਵਾ ਕਰਨ ਲਈ ਕਿ ਮੈਂ ਸਭ ਤੋਂ ਪਹਿਲਾਂ ਲਿਆ ਹੈ। ਖੋਜ ਦੱਸਦੀ ਹੈ ਕਿ 2024 ਤੱਕ ਭਾਰਤ ਵਿੱਚ 36% ਨੌਜਵਾਨ ਆਪਣੀ ਆਮਦਨ ਦਾ ਸਭ ਤੋਂ ਵੱਡਾ ਹਿੱਸਾ ਗੈਜਟਸ ਅਤੇ ਦਿਖਾਵੇ ਉੱਤੇ ਖਰਚ ਕਰਦੇ ਹਨ। ਇਹ ਦਿਸ਼ਾਹੀਨਤਾ ਦਾ ਸਭ ਤੋਂ ਵੱਡਾ ਸੰਕੇਤ ਹੈ। ਜੇਕਰ ਅਸੀ ਆਪਣੇ ਖੇਤਰ ਦੇ ਸਫਰ ਬੰਦਿਆਂ ਨੂੰ ਦੇਖੀਏ ਤਾਂ ਉਹ ਆਪਣੇ ਰਹਿਣ ਸਹਿਣ ਵਿੱਚ ਸਾਦਗੀ ਰੱਖਦੇ ਹਨ।ਸਾਡਾ ਨੌਜਵਾਨ ਵਰਗ ਕਿਤੇ ਹੋਰ ਹੀ ਰਸਤੇ ਪੈ ਗਿਆ ਹੈ।
ਰੀਲਾਂ ਦੀ ਚਮਕ, ਹਕੀਕਤ ਦਾ ਹਨੇਰ ਸੋਸ਼ਲ ਮੀਡੀਆ ਨੇ ਨੌਜਵਾਨਾਂ ਦੇ ਵਿਚਾਰਾਂ, ਵਿਅਕਤਿਤਵ ਅਤੇ ਜੀਵਨ ਦੀਆਂ ਤਰਜੀਹਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਅੱਜ ਰੀਲ੍ਹਾਂ ਦੀ ਦੁਨੀਆ ਵਿੱਚ “ਫੇਮ” ਨੂੰ ਹੁਨਰ ਤੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ। ਇੱਕ ਵਾਇਰਲ ਵੀਡੀਓ ਦੀ ਤਲਾਸ਼ ਵਿੱਚ ਬਹੁਤ ਸਾਰੇ ਨੌਜਵਾਨ ਆਪਣਾ ਕੀਮਤੀ ਸਮਾਂ ਗਵਾ ਦਿੰਦੇ ਹਨ। ਜਾਨਾਂ ਗਵਾ ਰਹੇ ਹਨ । ਲੜਕੀਆਂ ਆਪਣੀ ਇੱਜ਼ਤ ਨੂੰ ਦਾਅ ਤੇ ਲਾ ਰਹੀਆਂ ਹਨ। ਝੂਠੀ ਫ਼ੇਮ ਦੇ ਪਿੱਛੇ ਨਵੀਂ ਪੀੜ੍ਹੀ ਪਾਗ਼ਲ ਹੋਈ ਫਿਰਦੀ ਹੈ। ਲਾਈਕਸ ਲੈਣ ਲਈ ਕਿਸੇ ਵੀ ਹੱਦ ਤੱਕ ਜਾਣ ਦਾ ਪਾਗ਼ਲਪਣ ਛਾਇਆ ਹੋਇਆ ਹੈ।
ਇੱਕ ਅਮਰੀਕੀ ਰਿਸਰਚ ਦੱਸਦੀ ਹੈ ਕਿ ਹਰ ਰੋਜ਼ 2–3 ਘੰਟੇ ਸੋਸ਼ਲ ਮੀਡੀਆ ਦੇ ਇਸਤੇਮਾਲ ਨਾਲ ਨੌਜਵਾਨਾਂ ਦਾ ਧਿਆਨ ਕਮਜ਼ੋਰ ਹੁੰਦਾ ਹੈ, ਪ੍ਰੋਡਕਟਿਵਿਟੀ ਘੱਟਦੀ ਹੈ ਅਤੇ ਮਨੋਵਿਗਿਆਨਕ ਸਮੱਸਿਆਵਾਂ ਵਧਦੀਆਂ ਹਨ। ਭਾਰਤੀ ਬੱਚੇ ਲੱਗਭਗ 240 ਮਿੰਟ ਦੇ ਲਗਭਗ ਹਰ ਰੋਜ਼ ਸਕਰੀਨ ਤੇ ਬਿਤਾ ਰਹੇ ਹਨ। ਜਿਸ ਨਾਲ ਉਦੇਸ਼ ਤੋਂ ਭਟਕਾਅ ਦੇ ਨਾਲ ਨਾਲ ਸਿਹਤ ਸਮੱਸਿਆਵਾਂ ਵੀ ਉੱਭਰ ਰਹੀਆਂ ਹਨ।
ਉਦਮੀਅਤਾ ਤੋਂ ਦੂਰੀ ਬਣ ਰਹੀ ਹੈ।
ਭਾਰਤ ਦੀ ਅਸਲੀ ਤਰੱਕੀ ਉਸ ਸਮੇਂ ਉੱਚੀ ਉੱਡਾਣ ਭਰ ਸਕਦੀ ਹੈ ਜਦੋਂ ਨੌਜਵਾਨ ਨਵੀਂ ਸੋਚ ਨਵੀਂਆਂ ਖੋਜਾਂ ਅਤੇ ਉਦਮੀਅਤਾ ਵੱਲ ਕਦਮ ਚੁੱਕਣ। ਪਰ ਦੁੱਖ ਦੀ ਗੱਲ ਇਹ ਹੈ ਕਿ ਸਾਡੇ ਨੌਜਵਾਨਾਂ ਵਿੱਚ ਜੋਖ਼ਮ ਲੈਣ ਦਾ ਜਜ਼ਬਾ ਘੱਟ ਰਿਹਾ ਹੈ। ਉਹ ਉਦਮੀ ਬਣਕੇ ਰਾਜ਼ੀ ਨਹੀਂ ਹਨ।
ਜ਼ੇਕਰ ਅਸੀਂ ਚੀਨ ਤੇ ਭਾਰਤ ਦੀ ਕੁਝ ਤੁਲਣਾ ਕਰੀਏ ਭਾਰਤ ਕੋਲ ਜਵਾਨ ਪੂੰਜੀ ਹੈ, ਪਰ ਪ੍ਰਯੋਗ ਨਹੀਂ। ਚੀਨ ਕੋਲ ਹੁਣ ਘੱਟ ਨੌਜਵਾਨ ਹਨ ਪਰ ਵਧੀਕ ਉਤਪਾਦਨਸ਼ੀਲਤਾ ਹੈ।
ਉਦਮੀਅਤਾ ਵਿਚ ਇਕਨੋਮਿਕ ਸਰਵੇ 2022 ਅਨੁਸਾਰ
ਭਾਰਤ ਵਿੱਚ ਸਿਰਫ਼ 2–3% ਨੌਜਵਾਨ ਉਦਮੀ ਬਣਨਾ ਚਾਹੁੰਦਾ।ਚੀਨ ਵਿੱਚ ਇਹ 8–10% ਹੈ
ਇਸ ਦੇ ਮੁੱਖ ਕਾਰਨ ਭਾਰਤ ਵਿੱਚ ਨੌਕਰੀ-ਕੇਂਦ੍ਰਿਤ ਸੋਚ ਅਤੇ ਚੀਨ ਵਿੱਚ ਉਤਪਾਦਨ–ਕੇਂਦ੍ਰਿਤ ਸਿਸਟਮ, ਸਟੇਟ ਸਪੋਰਟ ਸਿਸਟਮ ਕੰਮ ਕਰਦਾ ਹੈ।
ਸਟਾਰਟਅਪ ਇਕੋਸਿਸਟਮ ਵਿੱਚ
ਪੈਰਾਮੀਟਰ ਅਨੁਸਾਰ ਭਾਰਤ ਅਤੇ ਚੀਨ ਵਿਚ ਕਾਫੀ ਫ਼ਰਕ ਹੈ ।
ਭਾਰਤ ਕੁੱਲ ਸਟਾਰਟਅਪ ~98,000 ਅਤੇ ਚੀਨ ਦੇ ~3,00,000+ ਹਨ
ਯੂਨੀਕੌਰਨ ਕੰਪਨੀਆਂ ਭਾਰਤ 110 ਅਤੇ ਚੀਨ 400+ ਹੈ । ਚੀਨ ਹਾਰਡਵੇਅਰ + ਮੈਨੂਫੈਕਚਰਿੰਗ ਵਿੱਚ ਆਗੂ ਹੈ ।
ਜੇਕਰ (ਖੋਜ ਅਤੇ ਵਿਕਾਸ) ਤੇ ਖਰਚ ਦੀ ਗੱਲ ਕਰੀਏ ਤਾਂ ਭਾਰਤ ਅਤੇ ਚੀਨ ਕਾਫੀ ਫ਼ਰਕ ਹੈ।ਕੁੱਲ ਆਮਦਨ ਵਿੱਚੋਂ ਭਾਰਤ 0.7% ਅਤੇ ਚੀਨ 2.4% ਨਿਵੇਸ਼ ਕਰਦਾ ਹੈ।
ਚੀਨ ਹਰ ਸਾਲ 3 ਗੁਣਾ ਜ਼ਿਆਦਾ ਖਰਚ ਕਰਦਾ ਹੈ ਭਾਰਤ ਵਿਚ ਖੋਜ ਲਗਭਗ “ਪੜ੍ਹਾਈ–ਕਿਤਾਬਾਂ–ਪਰੀਖਿਆ” ਤੱਕ ਸੀਮਿਤ
ਉਦਯੋਗਿਕ ਹਿੱਸੇ (ਮੈਨੂੰ ਫੈਕਚਰਿੰਗ ਹਿੱਸੇ) ਦੀ ਗੱਲ ਕਰੀਏ
ਤਾਂ ਭਾਰਤ ਅਤੇ ਚੀਨ
ਦੀ ਉਦਯੋਗਿਕ ਹਿੱਸੇਦਾਰੀ ਭਾਰਤ 17% ਚੀਨ ਦੀ 28%ਹੈ।
ਗਲੋਬਲ ਮੈਨੂਫੈਕਚਰਿੰਗ ਭਾਰਤ 3% ਹੈ ।ਚੀਨ 30% ਹੈ। ਚੀਨ ਦੁਨੀਆ ਦੀ ਫੈਕਟਰੀ ਹੈ ਜਦਕਿ ਭਾਰਤ ਸੇਵਾਮੁਖੀ ਮਾਡਲ ਅਪਣਾ ਰਿਹਾ ਹੈ।
ਨੌਜਵਾਨ ਰੁਝਾਨ ਵਿੱਚ ਵੀ ਫਰਕ ਹੈ ਭਾਰਤੀ ਨੌਜਵਾਨ ਮੰਨੌਰੰਜਨ ਤਰਜੀਹ ਅਪਣਾ ਰਿਹਾ ਹੈ ਜਦਕਿ ਚੀਨ ਉਦਮੀ ਤੇ ਵਿਕਾਸ ਦੇ ਰਸਤੇ ਤੇ ਹੈ।
ਸਟਾਰਟਅੱਪ ਦੀਆਂ ਵੱਡੀਆਂ ਕਹਾਣੀਆਂ ਦੇਖ ਕੇ ਪ੍ਰੇਰਣਾ ਤਾਂ ਹੁੰਦੀ ਹੈ, ਪਰ ਉਸ ਪੀਂਘ ਤੱਕ ਪਹੁੰਚਣ ਲਈ ਲੱਗਦਾ ਪਸੀਨਾ, ਧੀਰਜ ਤੇ ਮਿਹਨਤ—ਉਹ ਅੱਜ ਦੀ ਪੀੜ੍ਹੀ ਵਿੱਚ ਘਾਟ ਦਿਖਾਈ ਦਿੰਦੀ ਹੈ। ਉਹ ਰਿਸਕ ਲੈਣ ਲਈ ਤਿਆਰ ਨਹੀਂ। ਉਹ ਨੌਕਰੀਆਂ, ਪੈਕੇਜ ਲੈਣਾ ਹੀ ਪਸੰਦ ਕਰਦੇ ਹਨ।
2023 ਦੇ ਅੰਕੜਿਆਂ ਮੁਤਾਬਕ 90% ਭਾਰਤੀ ਸਟਾਰਟਅੱਪ ਪਹਿਲੇ ਪੰਜ ਸਾਲਾਂ ਵਿੱਚ ਫੰਡ ਨਹੀਂ, ਸਗੋਂ ਮੈਨੇਜਮੈਂਟ ਅਤੇ ਹੁਨਰ ਦੀ ਕਮੀ ਕਾਰਣ ਫੇਲ ਹੋ ਜਾਂਦੇ ਹਨ। ਇਹ ਸਪੱਸ਼ਟ ਸੰਕੇਤ ਹੈ ਕਿ ਸਾਡੀ ਨੌਜਵਾਨ–ਸ਼ਕਤੀ ਆਪਣੇ ਸਮੇਂ ਨੂੰ ਸਹੀ ਦਿਸ਼ਾ ਨਹੀਂ ਦੇ ਰਹੀ।ਮਤਲਬ ਸਮੇਂ ਅਨੁਸਾਰ ਉਹ ਚੀਜ਼ਾਂ, ਗੱਲਾਂ ਸਿੱਖ ਨਹੀਂ ਰਹੀ। ਜਿਸ ਨਾਲ ਸਫ਼ਲ ਹੋਇਆ ਜਾ ਸਕੇ।
ਡਿਗਰੀਆਂ ਦੀ ਭਾਲ ਜ਼ਿਆਦਾ ਹੈ , ਹੁਨਰ ਦੀ ਭੁੱਖ ਘੱਟ ਹੈ।ਭਾਰਤ ਵਿੱਚ ਹਰ ਸਾਲ ਕਰੀਬ 1.5 ਕਰੋੜ ਨੌਜਵਾਨ ਪੜ੍ਹਾਈ ਮੁਕਾਓਂਦੇ ਹਨ, ਪਰ ਸਿਰਫ਼ 7% ਹੀ ਉਦਯੋਗਿਕ ਮਾਪਦੰਡਾਂ ਮੁਤਾਬਕ ਕਾਬਿਲ ਹੁੰਦੇ ਹਨ। ਇਹ ਚੇਤਾਵਨੀ ਹੈ। ਵੱਡੀਆਂ ਡਿਗਰੀਆਂ ਨਾਲੋਂ ਇਮਾਨਦਾਰੀ, ਤਜਰਬਾ, ਹੁਨਰ ਅਤੇ ਸੰਚਾਰ–ਕਲਾ ਵੱਧ ਮਹੱਤਵ ਰੱਖਦੇ ਹਨ—ਪਰ ਸੋਸ਼ਲ ਮੀਡੀਆ ਨੇ ਸਿੱਖਣ ਦੀ ਭੁੱਖ ਘੱਟ ਕਰ ਦਿੱਤੀ ਹੈ। ਨਾ ਹੀ ਸਾਡੀ ਵਿੱਚ ਇਸ ਗੱਲ ਤੇ ਕੋਈ ਕਾਰਜ ਹੋ ਰਿਹਾ ਹੈ। ਵੱਡੇ ਵੱਡੇ ਡਿਗਰੀਆਂ ਵਾਲਿਆਂ ਨਾਲੋਂ ਪਿੰਡ ਵਿੱਚ ਕੰਮ ਸਿੱਖੇ ਹੋਏ ਘੱਟ ਪੜ੍ਹੇ ਲੋਕ ਸੌਖੀ ਰੋਟੀ ਖਾ ਰਹੇ ਹਨ। ਕਿਉਂਕਿ ਉਹਨਾਂ ਕੋਲ ਕੁਝ ਨਾ ਕੁਝ ਸ਼ਕਿੱਲ ਹੁੰਦੀ ਹੈ। ਡਿਗਰੀਆਂ ਵਾਲੇ ਹੱਥੀਂ ਕੰਮ ਕਰਨ ਨੂੰ ਮਾੜਾ ਸਮਝਦੇ ਹਨ।
ਰੁਜ਼ਗਾਰ ਦਾ ਸੰਕਟ ਵੱਡੀ ਚਿੰਤਾ ਹੈ।
ਅੱਜ ਬਹੁਤ ਸਾਰੇ ਨੌਜਵਾਨ ਨੌਕਰੀ ਦੀ ਤਲਾਸ਼ ਵਿੱਚ ਹਨ, ਪਰ ਇੱਥੇ ਸਮੱਸਿਆ ਦੋਹੀਂ ਪਾਸੇ ਹੈ—ਹੁਨਰ ਦੀ ਕਮੀ ਤੇ ਮਨਪਸੰਦ ਕੰਮ ਦੀ ਜਿੱਦ।ਸਰਕਾਰਾਂ ਰੁਜ਼ਗਾਰ ਦੇ ਮੌਕੇ ਪੈਦਾ ਕਰ ਰਹੀਆਂ ਹਨ, ਪਰ ਨੌਜਵਾਨ ਦਫ਼ਤਰ ਦੀ ਸੀਟ ਨਾਲੋਂ ਆਨਲਾਈਨ ਫੇਮ ਨੂੰ ਵੱਧ ਤਰਜੀਹ ਦੇ ਰਿਹਾ ਹੈ। ਜਦੋਂ ਨੌਜਵਾਨ ਦੀਆਂ ਤਰਜੀਹਾਂ ਹੀ ਗਲਤ ਹੋ ਜਾਣ—ਤਾਂ ਭਵਿੱਖ ਖਤਰੇ ਵਿੱਚ ਪੈਂਦਾ ਹੈ।
ਮਾਨਸਿਕ ਸਿਹਤ ਦਾ ਸੰਕਟ ਵਧਦਾ ਜਾ ਰਿਹਾ ਹੈ। ਸੋਸ਼ਲ ਮੀਡੀਆ ਦੇ “ਲਾਈਕਸ” ਦਾ ਦਬਾਅ, ਖੂਬਸੂਰਤੀ ਦੇ ਨਵੇਂ ਮਾਪਦੰਡ, ਦਿਖਾਵੇ ਦੀ ਤੁਲਨਾ—ਇਹ ਸਭ ਮਨੋਵਿਗਿਆਨਕ ਬਿਮਾਰੀਆਂ ਨੂੰ ਜਨਮ ਦੇ ਰਹੇ ਹਨ। ਵਿਸ਼ਵ ਸਿਹਤ ਸੰਸਥਾ ਦੀ ਰਿਪੋਰਟ ਮੁਤਾਬਕ, ਭਾਰਤ ਵਿੱਚ 15–30 ਸਾਲ ਦੀ ਉਮਰ ਦੇ ਨੌਜਵਾਨਾਂ ਵਿੱਚ ਡਿਪ੍ਰੈਸ਼ਨ ਦੀ ਦਰ 35% ਤੱਕ ਪਹੁੰਚ ਚੁੱਕੀ ਹੈ। ਇਹ ਖੌਫ਼ਨਾਕ ਅੰਕੜਾ ਹੈ। ਜੋਂ ਚਿੰਤਾ ਪੈਦਾ ਕਰ ਰਿਹਾ ਹੈ।
ਪਰਿਵਾਰਕ ਵਾਤਾਵਰਨ ‘ਚ ਬਦਲਾਅ ਆ ਗਏ ਹਨ। ਪਹਿਲਾਂ ਪਰਿਵਾਰ ਨੌਜਵਾਨਾਂ ਨੂੰ ਤਜਰਬੇ, ਸੰਸਕਾਰ, ਸਹੀ ਦਿਸ਼ਾ ਦਿੰਦਾ ਸੀ। ਹੁਣ ਅਕਸਰ ਬੱਚਿਆਂ ਨੂੰ ਗੈਜਟ ਦਿੱਤੇ ਜਾਂਦੇ ਹਨ ਤਾਂ ਜੋ ਉਹ ਚੁੱਪ ਰਹਿਣ।ਅਸੀਂ ਆਪਣੀ ਟੈਨਸਨ ਜਾ ਸਕੂਲਾਂ ਤੇ ਸੁੱਟ ਰਹੇ ਹਾਂ ਜਾਂ ਆਪ ਮਿਹਨਤ ਕਰਨ ਦੀ ਬਜਾਏ ਬੱਚਿਆਂ ਨੂੰ ਗੈਜੇਟ ਲੈਕੇ ਦੇ ਰਹੇ ਹਾਂ।ਮਾਪੇ ਵੀ ਆਪਣੇ ਕੰਮ, ਫੋਨ, ਡਿਜੀਟਲ ਦੁਨੀਆ ਵਿੱਚ ਵੱਧ ਰੁੱਝ ਗਏ ਹਨ, ਜਿਸ ਕਰਕੇ ਨੌਜਵਾਨਾਂ ਵਿੱਚ ਪ੍ਰੇਰਣਾ ਅਤੇ ਮੰਤਵ ਦੀ ਘਾਟ ਵਧ ਰਹੀ ਹੈ।
ਡਿਜ਼ੀਟਲ ਜ਼ਹਿਰ ਦਾ ਸਭਿਆਚਾਰ ਫੈਲ ਰਿਹਾ ਹੈ। ਅੱਜ ਸਮਾਰਟਫੋਨ ਸਿਰਫ਼ ਉਪਕਰਣ ਨਹੀਂ—ਸਮਾਜਿਕ ਦਰਜੇ ਦਾ ਮਾਪਦੰਡ ਬਣ ਗਿਆ ਹੈ। ਨੌਜਵਾਨ ਸੋਚਦਾ ਹੈ ਕਿ ਜੇ ਉਸ ਕੋਲ ਨਵਾਂ ਆਈਫੋਨ ਹੈ ਤਾਂ ਹੀ ਉਹ “ਸੋਸ਼ਲ ਸਰਕਲ” ਵਿੱਚ ਕਬੂਲਿਆ ਜਾਂਦਾ ਹੈ। ਇਹ ਸੋਚ ਉਸ ਦੀ ਆਰਥਿਕ, ਵਿਅਕਤੀਗਤ ਤੇ ਪਰਿਵਾਰਕ ਤਬਾਹੀ ਦਾ ਕਾਰਣ ਬਣ ਸਕਦੀ ਹੈ।
ਵਿਦੇਸ਼ ਪ੍ਰਵਾਸ ਦੀ ਲਹਿਰ ਦਾ ਜ਼ੋਰ ਹੈ।
ਭਾਰਤ ਦੇ 40% ਤੋਂ ਵੱਧ ਨੌਜਵਾਨ ਵਿਦੇਸ਼ ਵਿੱਚ ਭਵਿੱਖ ਬਣਾਉਣ ਨੂੰ ਤਰਜੀਹ ਦੇ ਰਹੇ ਹਨ।
ਪਰ ਜੇ ਨੌਜਵਾਨ ਬਾਹਰ ਚਲਾ ਗਿਆ—ਤਾਂ ਦੇਸ਼ ਵਿੱਚ ਕੌਣ ਖੋਜ਼ ਕਰੇਗਾ, ਕੌਣ ਉਦਮੀ ਬਣੇਗਾ, ਕੌਣ ਉਦਯੋਗ ਖੜ੍ਹੇ ਕਰੇਗਾ?
ਖੇਡ, ਕਲਾ, ਰਚਨਾਤਮਕਤਾ ਤੋਂ ਦੂਰੀ
ਅੱਜ ਦੇ ਬੱਚੇ ਘੱਟ ਖੇਡਦੇ ਹਨ। ਖੇਡਾਂ ਦੀ ਕਮੀ ਨਾਲ ਟੀਮ ਵਰਕ, ਸਬਰ ਅਤੇ ਸਰੀਰਕ ਸਮਰੱਥਾ ਘੱਟਦੀ ਹੈ।ਕਲਾ–ਸੰਗੀਤ, ਥੀਏਟਰ, ਸਾਹਿਤ ਜਿਹੇ ਖੇਤਰਾਂ ਤੋਂ ਦੂਰ ਹੋ ਕੇ ਨੌਜਵਾਨ ਨੇ ਆਪਣਾ ਮਨੁੱਖਤਾਪੂਰਨ ਵਿਕਾਸ ਰੋਕ ਲਿਆ ਹੈ। ਜਿਧਰ ਦੇਖੋ ਮੋਬਾਈਲ ਨਾਲ ਚਿੰਬੜਿਆ ਨੌਜਵਾਨ ਮਿਲ ਜਾਵੇਗਾ
ਕੈਰੀਅਰ ਗਾਈਡੈਂਸ ਦੀ ਕਮੀ ਪਾਈ ਜਾ ਰਹੀ ਹੈ। ਸਕੂਲਾਂ ਅਤੇ ਕਾਲਜਾਂ ਵਿੱਚ ਕੇਰੀਅਰ ਕੌਂਸਲਿੰਗ ਦੀ ਕਮੀ ਹੈ।
ਅਧਿਆਪਕ ਰਟਨ ਤੇ ਨਤੀਜਿਆਂ ‘ਤੇ ਧਿਆਨ ਦਿੰਦੇ ਹਨ, ਹੁਨਰ, ਇਨੋਵੇਸ਼ਨ ਅਤੇ ਰਚਨਾਤਮਿਕਤਾ ‘ਤੇ ਨਹੀਂ। ਰਾਜਨੀਤਕ ਪਾਰਟੀਆਂ ਸੱਤਾ ਲਈ ਨੌਜਵਾਨ ਨੂੰ ਵਰਤ ਰਹੀਆਂ ਹਨ। ਰੈਲੀਆਂ, ਧਾਰਮਿਕ ਜਲੂਸਾਂ, ਲੰਗਰਾਂ ਭੰਡਾਰੇ, ਲਈ ਨੌਜਵਾਨ ਵਰਤਿਆ ਜਾ ਰਿਹਾ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਸਰਕਾਰਾਂ ਖੁਦ ਹੀ ਨਹੀਂ ਚਾਹੁੰਦੀਆਂ ਕਿ ਇਹ ਗਿਆਨ ਹਾਸਲ ਕਰਨ।
ਸਮੱਸਿਆਵਾਂ ਵਧ ਰਹੀਆਂ ਹਨ ਇਸ ਕੀ ਦੇ ਹੱਲ ਕੀ ਹੋਣ ਵੱਡਾ ਪ੍ਰਸ਼ਨ ਹੈ।
ਸੋਸ਼ਲ ਮੀਡੀਆ ਲਿਮਿਟ—ਦਿਨ ਦਾ 1 ਘੰਟਾ ਕਾਫ਼ੀ ਹੈ। ਇਸ ਤੇ ਕੰਟਰੋਲ ਕਰਨਾ ਪਵੇਗਾ। ਹੁਨਰ–ਆਧਾਰਤ ਕੋਰਸ—ਏਆਈ , ਡੀਜੀਟਲ ਮਾਰਕੇਟਿੰਗ, ਰੋਬੋਟਿਕਸ ਤੇ ਕੰਮ ਕਰਨਾ ਪਵੇਗਾ।ਸਟਾਰਟਅੱਪ ਇੰਕਿਊਬੇਸ਼ਨ ਸਹਾਇਤਾ ਦੇਣੀ ਪਵੇਗੀ। ਸਰਕਾਰ ਵੱਲੋਂ ਨੌਜਵਾਨ–ਨਵੀਨਤਾ ਸਕੀਮਾਂ ਲਿਆਉਣ ਦੀ ਪਹਿਲ ਕਰਨੀ ਪਵੇਗੀ।
ਸਰੀਰਕ ਖੇਡਾਂ ਦੀ ਪ੍ਰੋਮੋਸ਼ਨ ਲਈ ਕੋਸ਼ਿਸ਼ਾਂ ਹੋਣ। ਪਰਿਵਾਰਕ ਸੰਚਾਰ—ਮਾਪਿਆਂ ਦੀ ਭੂਮਿਕਾ ਬਹੁਤ ਜ਼ਰੂਰੀ ਹੈ।ਸਕੂਲ ਪੱਧਰ ‘ਤੇ ਕੈਰੀਅਰ ਗਾਈਡੈਂਸ ਸੈੱਲ ਖੋਲ੍ਹੇ ਜਾਣ।
ਇਹ ਸਭ ਮਿਲ ਕੇ ਨੌਜਵਾਨੀ ਨੂੰ ਦਿਸ਼ਾ ਦੇ ਸਕਦੇ ਹਨ। ਸਰਕਾਰਾਂ ਨੂੰ ਵੀ ਆਪਣੀਆਂ ਤਰਜੀਹ ਬਦਲਣੀਆਂ ਪੈਣਗੀਆਂ ਇਹ ਉਹਨਾਂ ਨੇ ਨਿਰਧਾਰਤ ਕਰਨਾ ਕਿ ਉਹਨਾਂ ਨੇ ਦੇਸ਼ ਦੇ ਨੋਜਵਾਨ ਨੂੰ ਆਟਾ ਦਾਲ ਦੇਕੇ ਸਿਰਫ ਵੋਟ ਬੈਂਕ ਦੇ ਤੌਰ ਵਰਤਣਾ ਕਿ ਉਹ ਨੂੰ ਵਿਕਾਸ ਦਾ ਹਿੱਸਾ ਬਣਾਉਣਾ ਹੈ।
ਭਾਰਤੀ ਨੌਜਵਾਨ ਦੀ ਸ਼ਕਤੀ ਨੂੰ ਪਛਾਣਨ ਦੀ ਲੋੜ ਹੈ।ਅੱਜ ਵੀ ਭਾਰਤ ਵਿੱਚ ਬਹੁਤ ਸਾਰੇ ਨੌਜਵਾਨ ਮਿਹਨਤੀ, ਉਤਸ਼ਾਹੀ ਅਤੇ ਰਚਨਾਤਮਿਕ ਹਨ। ਟੈਕਨਾਲੋਜੀ, ਖੇਡਾਂ, ਉਦਯੋਗ, ਰਿਸਰਚ ਵਿੱਚ ਸੈਂਕੜੇ ਨਾਮ ਅੰਤਰਰਾਸ਼ਟਰੀ ਪੱਧਰ ‘ਤੇ ਚਮਕ ਰਹੇ ਹਨ।ਇਹ ਸਾਬਤ ਕਰਦਾ ਹੈ ਕਿ ਸੰਭਾਵਨਾ ਜ਼ਿੰਦਾ ਹੈ।
ਨਤੀਜਾ ਦੀ ਗੱਲ ਕਰੀਏ ਤਾਂ ਆਈਫੋਨ, ਫੈਸ਼ਨ, ਰੀਲਾਂ, ਦਿਖਾਵੇ—ਇਹ ਸਿਰਫ਼ ਸਮੇਂ ਦੀ ਖੁਸ਼ੀ ਹੈ, ਪਰ ਜੀਵਨ ਦੀ ਤਾਕਤ ਨਹੀਂ।
ਦੇਸ਼ ਦਾ ਭਵਿੱਖ ਨੌਜਵਾਨ ਦੇ ਮੱਥੇ ਤੇ ਹੱਥਾਂ ਵਿੱਚ ਹੈ, ਪਰ ਜੇਕਰ ਉਹੀ ਸੋਚ ਬੇ -ਦਿਸ਼ਾ ਹੋ ਜਾਵੇ ਤਾਂ ਤਰੱਕੀ ਪੈਰੋਂ ਹਟ ਜਾਂਦੀ ਹੈ।
ਨੌਜਵਾਨ ਕਿਸੇ ਵੀ ਰਾਸ਼ਟਰ ਦਾ ਸਭ ਤੋਂ ਵੱਡਾ ਹਥਿਆਰ, ਸਭ ਤੋਂ ਵੱਡੀ ਤਾਕਤ ਅਤੇ ਸਭ ਤੋਂ ਵੱਡੀ ਉਮੀਦ ਹੁੰਦਾ ਹੈ। ਜ਼ਰੂਰਤ ਇਸ ਗੱਲ ਦੀ ਹੈ ਕਿ ਉਹ ਦਿਖਾਵੇ ਤੋਂ ਦਿਸ਼ਾ ਵੱਲ, ਰੀਲਾਂ ਤੋਂ ਰੀਅਲ ਜੀਵਨ ਵੱਲ, ਮੋਬਾਈਲ ਤੋਂ ਮਕਸਦ ਵੱਲ ਮੁੜੇ।
ਕਿਸੇ ਨੇ ਸਹੀ ਕਿਹਾ ਹੈ—
ਜਵਾਨੀ ਜਾਗਦੀ ਹੈ ਤਾਂ ਕੌਮ ਜਾਗਦੀ ਹੈ, ਜਵਾਨੀ ਸੌਵੇ ਤਾਂ ਇਤਿਹਾਸ ਡਗਮਗਾ ਜ਼ਾਂਦੇ ਹਨ। ਇਸ ਲਈ ਲੋੜ ਹੈ ਸਮਾਜ, ਸਰਕਾਰ ਤੇ ਨੌਜਵਾਨ ਦੁਆਰਾ ਸਹੀ ਦਿਸ਼ਾ ਚੁਣੀ ਜਾਵੇ। ਤਰੱਕੀ ਦੇ ਨਵੇਂ ਪੰਨੇ ਲਿਖੇ ਜਾਣ।
ਜਗਤਾਰ ਲਾਡੀ ਮਾਨਸਾ
9463603091
Leave a Reply